1984 -1

  • 10 years ago
ਕੋਬਰਾ ਪੋਸਟ ਦੇ ਸਟਿੰਗ ਅਪਰੇਸ਼ਨ ਵਿੱਚ ਦਾਅਵਾ: 1984 ਵਿੱਚ ਕੇਂਦਰ ਸਰਕਾਰ ਸਿੱਖਾਂ ਨੂੰ ‘ਸਬਕ` ਸਿਖਾਉਣਾ ਚਾਹੁੰਦੀ ਸੀ
ਇਕ ਨਿਊਜ਼ ਚੈਨਲ ਵੱਲੋਂ ਇਕ ਸਟਿੰਗ ਅਪਰੇਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1984 ਦੇ ਸਿੱਖ ਵਿਰੋਧੀ ਦੰਗੇ ਰੋਕਣ ਲਈ ਸਰਕਾਰ ਹਰਕਤ ਵਿੱਚ ਆਉਣ ਵਿੱਚ ਅਸਫਲ ਰਹੀ ਸੀ ਤੇ ਓਦੋਂ ਦੇ ਸੀਨੀਅਰ ਪੁਲੀਸ ਅਫਸਰਾਂ ਦੀ ‘ਸਿੱਖਾਂ ਨੂੰ ਸਬਕ ਸਿਖਾਉਣ ਲਈ` ਸਰਕਾਰ ਨਾਲ ਮਿਲੀਭੁਗਤ ਸੀ।
ਕੋਬਰਾ ਪੋਸਟ ਵੱਲੋਂ ਕੀਤੀ ਜਾਂਚ ‘ਚੈਪਟਰ 84` ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਪੁਲੀਸ ਦੇ ਕੁਝ ਅਧਿਕਾਰੀਆਂ ਨੇ ਇਹ ਸਵੀਕਾਰ ਕੀਤਾ ਹੈ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਦਿੱਲੀ ਪੁਲੀਸ ਅਸਫਲ ਰਹੀ। ਕੋਬਰਾ ਪੋਸਟ ਨੇ ਸੂਰਵੀਰ ਸਿੰਘ ਤਿਆਗੀ (ਓਦੋਂ ਦੇ ਕਲਿਆਣਪੁਰੀ ਦੇ ਐਸ ਐਚ ਓ), ਦਿੱਲੀ ਕੰਟੋਨਮੈਂਟ ਦੇ ਐਸ ਐਚ ਓ ਰੋਹਤਾਸ ਸਿੰਘ, ਕ੍ਰਿਸ਼ਨਾ ਨਗਰ ਦੇ ਐਸ ਐਨ ਬਗਮਰ, ਸ੍ਰੀਨਿਵਾਸ ਪੁਰੀ ਦੇ ਐਸ ਐਚ ਓ, ਓ ਪੀ ਯਾਦਵ ਅਤੇ ਮਹਿਰੌਲੀ ਦੇ ਐਸ ਐਚ ਓ ਜੈਪਾਲ ਸਿੰਘ ਨਾਲ ਗੱਲਬਾਤ ਰਿਕਾਰਡ ਕੀਤੀ। ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਹੈ ਕਿ ਓਦੋਂ ਦੇ ਮੁਖੀ ਪੁਲੀਸ ਐਸ ਸੀ ਟੰਡਨ ਬੜੇ ਆਰਾਮ ਨਾਲ ਸਾਰੇ ਸੁਆਲ ਟਾਲਦੇ ਰਹੇ ਤੇ ਓਦੋਂ ਦੇ ਐਡੀਸ਼ਨਲ ਕਮਿਸ਼ਨਰ ਪੁਲੀਸ ਗੌਤਮ ਕੌਲ ਨੇ ਸਿੱਧਾ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਦੰਗੇ ਹੋਣ ਦੀ ਕੋਈ ਮੁੱਢਲੀ ਜਾਣਕਾਰੀ ਸੀ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਥਾਣਾ ਮੁਖੀਆਂ ਨੇ ਖੁਲਾਸਾ ਕੀਤਾ ਕਿ ਸਿੱਖਾਂ ਵਿਰੁੱਧ ਭਖ ਰਹੀਆਂ ਫਿਰਕੂ ਭਾਵਨਾਵਾਂ ਬਾਰੇ ਚਿਤਾਵਨੀ ਵੀ ਸੀਨੀਅਰ ਅਧਿਕਾਰੀਆਂ ਨੇ ਅਣਗੌਲੀ ਕੀਤੀ, ਸਗੋਂ ਅਗਜ਼ਨੀ ਤੇ ਦੰਗਿਆਂ ਬਾਰੇ ਪੁਲੀਸ ਕੰਟਰੋਲ ਰੂਮਾਂ ਵਿੱਚ ਧੜਾਧੜ ਆਏ ਸੁਨੇਹਿਆਂ ਵਿੱਚੋਂ ਕੇਵਲ ਦੋ ਫੀਸਦੀ ਰਿਕਾਰਡ ਕੀਤੇ ਗਏ ਸਨ।
ਕੋਬਰਾ ਪੋਸਟ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੀਨੀਅਰ ਪੁਲੀਸ ਅਫਸਰਾਂ ਵੱਲੋਂ ਕਾਰਵਾਈ ਨਾ ਕਰਨ ਦੇ ਸਬੂਤ ਪੁਲੀਸ ਲਾਗ-ਬੁੱਕ ਵਿੱਚੋਂ ਬੜੇ ਆਰਾਮ ਨਾਲ ਬਦਲ ਦਿੱਤੇ ਗਏ ਅਤੇ ਕੁਝ ਹੋਰ ਅਧਿਕਾਰੀਆਂ ਨੇ ਬਦਲੀ ਦੀ ਸਜ਼ਾ ਦੇ ਡਰੋਂ ਕਾਰਵਾਈ ਨਹੀਂ ਸੀ ਕੀਤੀ। ਇਨ੍ਹਾਂ ਅਧਿਕਾਰੀਆਂ ਦੇ ਅਨੁਸਾਰ ਕੁਝ ਪੁਲੀਸ ਅਧਿਕਾਰੀਆਂ ਨੇ ਪੀੜਤਾਂ ਦੀਆਂ ਲਾਸ਼ਾਂ ਕੁਝ ਹੋਰ ਥਾਵਾਂ `ਤੇ ਖੁਰਦ-ਬੁਰਦ ਕੀਤੀਆਂ ਤਾਂ ਕਿ ਦੰਗਿਆਂ ਦੌਰਾਨ ਹੋਏ ਅਪਰਾਧ ਘੱਟ ਦਿਖਾਏ ਜਾ ਸਕਣ ਤੇ ਪੁਲੀਸ ਨੂੰ ਇਹ ਨਿਰਦੇਸ਼ ਅਤੇ ਸੁਨੇਹੇ ਪ੍ਰਸਾਰਤ ਕੀਤੇ ਗਏ ਕਿ ‘ਇੰਦਰਾ ਗਾਂਧੀ ਜ਼ਿੰਦਾਬਾਦ` ਦੇ ਨਾਅਰੇ ਲਾ ਰਹੇ ਦੰਗਈਆਂ ਵਿਰੁੱਧ ਕਾਰਵਾਈ ਨਾ ਕੀਤੀ ਜਾਵੇ। ਕੋਬਰਾ ਪੋਸਟ ਨੇ ਦੋਸ਼ ਲਾਏ ਹਨ ਕਿ ਓਦੋਂ ਸਰਕਾਰ ਨੇ ਪੁਲੀਸ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਤੇ ਪ੍ਰਭਾਵ ਇਹ ਬਣਿਆ ਕਿ ਪੁਲੀਸ ਨੇ ਆਪਣੀ ਡਿਊਟੀ ਨਹੀਂ ਨਿਭਾਈ।
ਇਨ੍ਹਾਂ ਸਾਰੇ ਥਾਣਾ ਇੰਚਾਰਜਾਂ ਨੇ ਪੁਲੀਸ ਫੋਰਸ ਦੀ ਹੈਸੀਅਤ `ਚ ਆਪਣੀ ਨਾਕਾਮੀ ਮੰਨੀ, ਕਈਆਂ ਨੇ ਇਹ ਵੀ ਕਿਹਾ ਕਿ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੀ ਉਸ ਵੇਲੇ ਸਰਕਾਰ ਨਾਲ ਮਿਲੀਭੁਗਤ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਕੋਬਰਾ ਪੋਸਟ ਨੇ ਇਹ ਸਟਿੰਗ ਇਕ ਸਾਲ ਦੌਰਾਨ ਕੀਤਾ ਤੇ ਬਹੁਤਾ ਕੰਮ ਪਿਛਲੇ ਦੋ ਮਹੀਨਿਆਂ ਵਿੱਚ ਕੀਤਾ ਦੱਸਿਆ ਹੈ। ਇਸ ਦੇ ਸੰਪਾਦਕ ਅਨਿਰੁੱਧ ਬਹਿਲ ਨੇ ਕਿਹਾ ਕਿ ਇਸ ਦਾ ਮਨਸ਼ਾ 1984 ਦੀਆਂ ਉਨ੍ਹਾਂ ਦੁੱਖ ਭਰੀਆਂ ਘਟਨਾਵਾਂ ਦੇ ਸੰਖੇਪ ਵੇਰਵੇ ਲੈਣਾ ਸੀ, ਜੋ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਈਆਂ। ਇਸ ਕਰਕੇ ਇਸ ਨੇ ਉਨ੍ਹਾਂ ਪੁਲੀਸ ਵਾਲਿਆਂ ਦੇ ਬਿਆਨ ਲੈਣ ਦੀ ਸੋਚੀ, ਜਿਨ੍ਹਾਂ ਦੀ ਨਿਗਰਾਨੀ ਵਿੱਚ ਅਗਜ਼ਨੀ ਤੇ ਕਤਲ ਹੋਏ ਸਨ।
ਨਿਊਜ਼ ਪੋਰਟਲ ਦਾ ਦਾਅਵਾ ਹੈ ਕਿ ਉਸ ਵੇਲੇ ਪਟੇਲ ਨਗਰ ਦੇ ਐਸ ਐਚ ਓ ਅਮਰੀਕ ਸਿੰਘ ਭੁੱਲਰ ਨੇ ਆਪਣੇ ਹਲਫਨਾਮੇ ਵਿੱਚ ਕੁਝ ਸਥਾਨਕ ਆਗੂਆਂ `ਤੇ ਭੀੜ ਨੂੰ ਭੜਕਾਉਣ ਅਤੇ ਉਨ੍ਹਾਂ ਦੀ ਅਗਵਾਈ ਕਰਨ ਦੇ ਦੋਸ਼ ਲਾਏ ਸਨ। ਬਹਿਲ ਮੁਤਾਬਕ ਇਕੱਲੇ ਕਲਿਆਣਪੁਰੀ ਵਿੱਚ 500-600 ਸਿੱਖ ਮਾਰੇ ਗਏ ਸਨ। ਪੁਲੀਸ ਨੇ ਪੀੜਤਾਂ ਨੂੰ ਐਫ ਆਈ ਆਰ ਦਰਜ ਕਰਾਉਣ ਦੀ ਆਗਿਆ ਨਹੀਂ ਦਿੱਤੀ ਜਾਂ ਅਗਜ਼ਨੀ ਤੇ ਕਤਲਾਂ ਦੇ ਕਈ ਕੇਸ ਇਕੱਠੇ ਕਰ ਦਿੱਤੇ ਗਏ ਤੇ ਕਈ ਥਾਂ ਸੀਨੀਅਰਾਂ ਨੇ ਆਪਣੇ ਹੇਠਲੇ ਅਧਿਕਾਰੀਆਂ ਨੂੰ ਦੰਗਾ ਕਰਨ ਵਾਲਿਆਂ `ਤੇ ਫਾਇਰਿੰਗ ਨਹੀਂ ਕਰਨ ਦਿੱਤੀ। ਬਹਿਲ ਨੇ ਦੋਸ਼ ਲਾਏ ਕਿ ਕੋਬਰਾ ਪੋਸਟ ਨੂੰ ਇੰਟਰਵਿਊ ਦੇਣ ਵਾਲੇ ਘੱਟੋ-ਘੱਟ ਤਿੰਨ ਅਫਸਰਾਂ ਨੇ ਸਾਬਕਾ ਪੁਲਸ ਕਮਿਸ਼ਨਰ ਐਸ ਸੀ ਟੰਡਨ ਦੀ ਭੂਮਿਕਾ `ਤੇ ਸੁਆਲ ਕੀਤੇ ਹਨ।

Recommended